ਪੰਥ ਪ੍ਰਕਾਸ਼ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਥ ਪ੍ਰਕਾਸ਼: ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ 1841 ਵਿੱਚ ਲਿਖਿਆ। ਭੰਗੂ ਦਾ ਦਿਹਾਂਤ 1846 ਵਿੱਚ ਹੋਇਆ। ਭੰਗੂ ਢਿੱਲੋ ਗੋਤ ਦੀ ਉਪਵੰਡ ਹੈ। ਰਤਨ ਸਿੰਘ ਭੰਗੂ ਦੇ ਖ਼ਾਨਦਾਨ ਦਾ ਸਿੱਖ ਸੰਘਰਸ਼ ਨਾਲ ਡੂੰਘਾ ਸੰਬੰਧ ਹੈ। ਭੰਗੂ ਦੇ ਦਾਦੇ, ਮਤਾਬ ਸਿੰਘ ਪਿੰਡ ਮੀਰਾਂਕੋਟ, ਨੇੜੇ ਅੰਮ੍ਰਿਤਸਰ ਨੇ ਕੰਬੂ ਮਾੜੀ ਦੇ ਸੁੱਖਾ ਸਿੰਘ ਨਾਲ ਰਲਕੇ 1740 ਵਿੱਚ ਮੱਸੇ ਰੰਘੜ ਨੂੰ ਹਰਿਮੰਦਿਰ ਸਾਹਿਬ ਵਿੱਚ ਵੱਢਿਆ, ਜਦੋਂ ਉਹ ਪਾਵਨ ਅਸਥਾਨ ਦੀ, ਉੱਥੇ ਕੰਜਰੀਆਂ ਨਚਾ ਕੇ ਬੇ-ਹੁਰਮਤੀ ਕਰ ਰਿਹਾ ਸੀ। ਮਤਾਬ ਸਿੰਘ ਲਾਹੌਰ ਵਿੱਚ 1745 ਵਿੱਚ ਸ਼ਹੀਦ ਹੋਇਆ।

     ਭੰਗੂ ਦੇ ਪਿਤਾ ਰਾਇ ਸਿੰਘ ਨੂੰ ਵੀ ਦੁਸ਼ਮਣ ਮਰਿਆ ਸਮਝ ਕੇ ਛੱਡ ਗਏ ਸਨ, ਜਿਸ ਦਿਨ ਉਸ ਦੀ ਗਰਦਨ ਮੋਚੀ ਨੇ ਗੰਢੀ ਸੀ। ਭੰਗੂ ਕਰੋੜ ਸਿੰਘੀਆ ਮਿਸਲ ਦੇ ਸਰਦਾਰ ਸ਼ਿਆਮ ਸਿੰਘ ਦਾ ਦੋਹਤਾ ਸੀ। ਭੰਗੂ ਦੇ ਖ਼ਾਨਦਾਨ ਦਾ ਸੰਘਰਸ਼ਵਾਦੀ ਪਿਛੋਕੜ ਉਸ ਲਈ ਸਿੱਖ ਇਤਿਹਾਸ ਦੀ ਮੌਖਿਕ ਗਵਾਹੀ ਦਾ ਸੋਮਾ ਹੋ ਗਿਆ।

     ਭੰਗੂ ਨੇ ਪੰਥ ਪ੍ਰਕਾਸ਼ ਕੈਪਟਨ ਮੱਰੈ (Murray) ਦੀ ਸਿਫ਼ਾਰਿਸ਼ `ਤੇ ਲਿਖਿਆ ਸੀ। ਅੰਗਰੇਜ਼ 1804 ਵਿੱਚ ਦਿੱਲੀ ਪਹੁੰਚ ਗਏ ਸਨ। ਮੱਰੈ ਦਿੱਲੀ ਸਥਿਤ ਡੇਵਿਡ ਅਕਟਰਲੋਨੀ ਅਧੀਨ ਅੰਬਾਲੇ, ਲੁਧਿਆਣੇ ਵਿੱਚ ਉਹਦਾ ਪੋਲੀਟੀਕਲ ਏਜੰਟ ਸੀ। ਮੱਰੈ 1826 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬਿਮਾਰੀ ਦੇ ਇਲਾਜ ਲਈ ਲਾਹੌਰ ਆਇਆ ਸੀ ਅਤੇ 1827 ਵਿੱਚ ਵਾਪਸ ਗਿਆ।

     ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੇ ਸਫ਼ਾਰਤੀ ਤਅੱਲਕਾਤ ਦੀ ਨੀਂਹ ਪੱਕੀ ਕਰਨ ਲਈ ਸਿੱਖ ਸ਼ਕਤੀ ਦੇ ਉੱਥਾਨ ਨੂੰ ਸਮਝਣਾ ਜ਼ਰੂਰੀ ਮੰਨਦੇ ਸਨ। ਕੈਪਟਨ ਮੱਰੈ ਦੇ ਕਹਿਣ `ਤੇ ਬੂਟੇ ਸ਼ਾਹ ਨੇ ਵੀ ਸਿੱਖਾਂ ਬਾਰੇ ਇਤਿਹਾਸਿਕ ਰਚਨਾ ਕੀਤੀ ਸੀ। ਕਹਿੰਦੇ ਹਨ ਕਿ ਜਿਹੜੇ ਲੋਕਾਂ ਦੀ ਰਿਆਸਤ ਨਹੀਂ ਬਣਦੀ, ਉਹਨਾਂ ਦੇ ਇਤਿਹਾਸ ਦਾ ਲਿਖਣਾ ਵੀ ਰਹਿ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਸਿੱਖ ਇਤਿਹਾਸਕਾਰੀ ਨੂੰ ਸੰਭਵ ਬਣਾਇਆ। ਭੰਗੂ ਤੋਂ ਪਹਿਲੇ ਲਿਖਾਰੀ ਸਿੱਖ ਧਰਮ ਬਾਰੇ ਲਿਖਦੇ ਹਨ। ਭੰਗੂ ਸਿੱਖ ਰਾਜ-ਗ੍ਰਹਿਣ ਬਾਰੇ ਲਿਖਦਾ, ਸਿੱਖਾਂ ਦੇ ਭਵਿੱਖ ਬਾਰੇ ਚਿੰਤਿਤ ਹੈ।

     ਇਤਿਹਾਸ ਤਤਕਾਲ ਦੀਆਂ ਘਟਨਾਵਾਂ ਦਾ ਉਘੜਾ- ਦੁਘੜਾ ਵੇਰਵਾ ਨਹੀਂ ਹੁੰਦਾ। ਇਤਿਹਾਸ ਵਰਤਮਾਨ ਸਥਿਤੀ ਦੀ ਦੁਬਿਧਾ-ਅਕਾਂਖਾਂ ਅਧੀਨ ਭੂਤ ਦੀਆਂ ਘਟਨਾਵਾਂ ਨੂੰ ਲੜੀਵਾਰ ਕਰਦਾ ਭਵਿੱਖ ਉੱਤੇ ਚਾਨਣ ਪਾਉਣ ਦੀ ਕੋਸ਼ਿਸ਼ ਹੁੰਦਾ ਹੈ।

     ਮਹਾਰਾਜਾ ਰਣਜੀਤ ਸਿੰਘ ਦੀ 1839 ਵਿੱਚ ਮੌਤ ਹੋ ਚੁੱਕੀ ਸੀ, ਜਿਸ ਦੇ ਮਗਰੋਂ ਸਿੱਖ ਰਾਜ ਦਾ ਕਾਇਮ ਰਹਿਣਾ ਮੁਸ਼ਕਲ ਹੋ ਗਿਆ ਸੀ। ਦੂਸਰੇ ਅੰਗਰੇਜ਼ ਪੰਜਾਬ ਨੂੰ ਹਥਿਆਉਣ ਲਈ ਤਿਆਰ ਬੈਠੇ ਸਨ। ਸਿੱਖ ਰਾਜ ਪ੍ਰਤਿ ਅੰਗਰੇਜ਼ ਨੀਤੀ ਉਸ ਦੇ ਪੋਲੀਟੀਕਲ ਏਜੰਟਾਂ ਦੀਆਂ ਰਿਪੋਰਟਾਂ `ਤੇ ਨਿਰਭਰ ਸੀ। ਪੰਥ ਪ੍ਰਕਾਸ਼ ਇੱਕ ਤਰੀਕੇ ਨਾਲ ਅੰਗਰੇਜ਼ੀ ਖ਼ਤਰੇ ਤੋਂ ਉਪਜਿਆ ਸਿੱਖ ਜੁਝਾਰਵਾਦੀ ਪ੍ਰਤਿਕਰਮ ਹੈ।

     ਭੰਗੂ ਪਹਿਲਾਂ ਤਾਂ ਇਸ ਗੱਲ ਦਾ ਜਵਾਬ ਦਿੰਦਾ ਹੈ ਕਿ ਸਿੱਖ ਹਕੂਮਤ ਕਿੱਥੋਂ ਆਈ, ਇਹ ਕਿਵੇਂ ਜਾਇਜ਼ ਠਹਿਰਾਈ ਜਾਂਦੀ ਹੈ, ਇਹਦੀ ਜਾਇਜ਼-ਕਰਾਰੀ (legiti-macy) ਕੀ ਹੈ? ਜੇ ਮੁਗ਼ਲ ਸਿੱਖਾਂ ਨੂੰ ਆਪਣੀ ਰਈਅਤ ਕਹਿੰਦੇ ਸੀ ਤਾਂ ਮੁਗ਼ਲ-ਜੈਤਾ ਅੰਗਰੇਜ਼ ਸਿੱਖਾਂ `ਤੇ ਰਾਜ ਕਰਨ ਦਾ ਹੱਕ ਰੱਖਦਾ ਹੈ। ਭੰਗੂ ਦਾ ਕਹਿਣਾ ਹੈ ਕਿ

     ਸਿੱਖ ਰਾਜ ਰੱਬ ਦੀ ਦਾਤ ਹੈ। ਗੁਰੂ ਅਤੇ ਪਾਰਬ੍ਰਹਮ ਵਿੱਚ ਫ਼ਰਕ ਨਹੀਂ। ਗੁਰੂ (ਦਸਵੇਂ) ਨੇ ‘ਜਾਤ ਕਮੀਨੀ’, ‘ਨੀਚਨ ਪੈ ਕ੍ਰਿਪਾ ਕੀਨੀ’, ‘ਇਨ ਗ਼ਰੀਬ ਸਿੰਘਨ ਕੋ ਦਯੋ ਪਾਤਿਸ਼ਾਹੀ’। ਸਿੱਖ ਸੱਚੇ ਪਾਤਿਸ਼ਾਹ ਤੋਂ ਬਿਨਾਂ ਕਿਸੇ ਦੀ ਰਿਆਇਆ ਨਹੀਂ। ‘ਆਨ ਨ ਮਾਨੈ ਆਨ ਕੀ, ਇੱਕ ਸੱਚੇ ਬਿਨ ਪਾਤਿਸ਼ਾਹ।’

     ਜਿਹੜਾ ਖ਼ਾਲਸੇ ਵਿੱਚ ਸ਼ਾਮਲ ਨਹੀਂ ਕੇਵਲ ਉਹ ਹੀ ਰਈਅਤ ਹੋ ਸਕਦਾ :

ਜੋ ਆਇ ਰਲੈ ਨ ਖਾਲਸੇ, ਰੱਯਤ ਤਿਸੇ ਬਣੇ ਹੁ,

          ਜੋ ਖ਼ਾਲਸੇ ਮੈਂ ਆ ਰਲੇ, ਪਾਤਿਸਾਹੀਓਂ ਵੱਡਾ ਹੋਇ।

     ਨਵਾਬ ਕਪੂਰ ਸਿੰਘ ਵਾਲੀ ਨਵਾਬੀ ਲੈਣ ਦੀ ਇਸ ਲਈ ਹਿਚਕਚਾਹਟ ਸੀ ਕਿ ਕਿਤੇ ਇਹਦੇ ਨਾਲ ਅਧੀਨਗੀ ਨਾ ਮੰਨਣੀ ਪੈ ਜਾਵੇ। ਸਿੱਖਾਂ `ਤੇ ਹੋਏ ਜ਼ੁਲਮਾਂ ਨੇ ਉਹਨਾਂ ਨੂੰ ਅਧਿਰਾਜਗੀ ਦਿੱਤੀ ਹੈ।

ਐਸੋ ਐਸੋ ਦੁਖ ਸਹੇ, ਤੌ ਛਡੇ ਸੋ ਦਾਈਏ ਨਾਂਹਿ,

          ਖਤ੍ਰੀ ਤ੍ਰਖਾਣ ਕਲਾਲ, ਜਟ, ਮਿਲੀ ਪਾਤਿਸਾਹੀ ਤਾਂਹਿ।

     ਸਿੱਖ ਰਾਜ ਦੀ ਜਾਇਜ਼-ਕਰਾਰੀ ਦਾ ਆਪਣਾ ਮਿਥਿਹਾਸ ਹੈ। ਬਾਬੇ ਨਾਨਕ ਨੇ ਬਾਬਰ ਨੂੰ ਸੱਤ ਮੁੱਠੀਆਂ ਭੰਗ ਦੇ ਕੇ ਸੱਤ ਪੁਸ਼ਤਾਂ ਦਾ ਰਾਜ ਦਿੱਤਾ ਸੀ। ਮੁਗ਼ਲਾਂ ਨੇ ਸਿੱਖਾਂ `ਤੇ ਜ਼ੁਲਮ ਕਰ ਕੇ ਇਸ ਤੋਂ ਆਪਣਾ ਹੱਕ ਗੁਆ ਲਿਆ। ਗੁਰੂ ਦਿੱਤੀ ਦਾਤ ਹੁਣ ਗੁਰੂ-ਰੂਪ ਖ਼ਾਲਸੇ ਨੂੰ ਵਾਪਸ ਹੋ ਗਈ ਹੈ।

     ਨਾਲੇ ਸ਼ਕਤੀ ਦੀ ਆਪਣੀ ਜਾਇਜ਼ ਕਰਾਰੀ ਹੁੰਦੀ ਹੈ। ਨਾਦਿਰ ਸ਼ਾਹ ਨੇ ਦਿੱਲੀ ਲੁੱਟੀ, ਪਰ ਸਿੱਖ ਨਾਦਿਰ ਸ਼ਾਹ ਦੇ ਪ੍ਰਿਸ਼ਟ-ਬਲ (Rearguard) ਨੂੰ ਕਾਬਲ ਤੱਕ ਲੁੱਟਦੇ ਗਏ। ਅਹਿਮਦ ਸ਼ਾਹ ਨੇ ਲਾਹੌਰ, ਦਿੱਲੀ ਜਿੱਤੇ, ਸਿੰਘਾਂ ਨੇ ਅਹਿਮਦ ਸ਼ਾਹ ਨੂੰ ਪੰਜਾਬ ਵਿੱਚੋਂ ਭਜਾ ਦਿੱਤਾ।

     ਭੰਗੂ ਇੱਕ ਪਾਸੇ ਸਿੱਖਾਂ ਨੂੰ ਜੁਝਾਰ ਭਵਿੱਖ ਲਈ ਤਿਆਰ ਕਰਦਾ ਹੈ ਤਾਂ ਦੂਸਰੇ ਪਾਸੇ ਅੰਗਰੇਜ਼ ਨੂੰ ਸਿੱਖ ਜੁਝਾਰਤਾ ਦਾ ਡਰਾਵਾ ਦਿੰਦਾ ਹੈ ਕਿ ਸਿੱਖਾਂ ਨਾਲ ਲੜਾਈ ਮਹਿੰਗੀ ਪਏਗੀ। ਜੇ ਸਿੱਖ ਆਪਣੇ ਗੁਰੂ ਵਾਸਤੇ ਸਿਰ ਦੇਣ ਲਈ ਤਿਆਰ ਹਨ ਤਾਂ ਉਹਨਾਂ ਲਈ ਕੋਈ ਉਦੇਸ਼ ਦੁਰਗਮ ਨਹੀਂ, ਸਗਵਾਂ ਦਾਵਾ ਹਮਰੋ ਰਿਹਾ, ਗੁਰ ਸਿਰ ਲਾਗੇ ਸੋ ਸਿਖ ਚਹੈਂ ਲਿਆ। ਜੋ ਵੀ ਤਾਰੂ ਸਿੰਘ ਦੀ ਪੁੱਠੀ ਖੱਲ੍ਹ ਲਹਾਉਣ ਦੀ ਕਥਾ ਸੁਣਦਾ ਹੈ, ਉਹ ਸਰੀਰਕ ਦੁੱਖ ਨੂੰ ਕੁੱਝ ਨਹੀਂ ਸਮਝਦਾ। ਯਮ ਉਸ ਦੇ ਨੇੜੇ ਨਹੀਂ ਆਉਂਦਾ, ਮਰਨ ਕਾਲ ਨਹਿਂ ਕਾਲ ਸੰਤਾਵੈ। ਅੰਗਰੇਜ਼ੀ ਖ਼ਤਰੇ ਨੂੰ ਮੁੱਖ ਰਖਦਿਆਂ ਪੰਥ ਪ੍ਰਕਾਸ਼      ਲਿਖਿਆ ਹੀ ਜੁਝਾਰਵਾਦੀ ਇਰਾਦੇ ਲਈ ਹੈ :

ਸੋ ਕੋਈ ਯਾਂ ਕੋ ਸੁਣੈ ਸੁਣਾਵੈ

          ਤਾਂ ਕੇ ਮਨ ਮੇਂ ਦ੍ਰਿੜਤਾ ਆਵੇਂ

     ਪੰਥ ਪ੍ਰਕਾਸ਼ ਤੋਂ ਮਾਲਵਾ ਮਾਝਾ ਤਫ਼ਰਕਾਤ ਦੀ ਸਮਝ ਆਉਂਦੀ ਹੈ, ਜਿਹੜੇ ਹੁਣ ਮਿਟ ਗਏ ਹਨ। ਪਰ ਕਈ ਵਾਰ ਕਿਸੇ ਨਾ ਕਿਸੇ ਤੋਂ ਅਪਮਾਨੀ ਸ਼ਬਦ ਨਿਕਲ ਜਾਂਦੇ ਹਨ। ਇੱਕ ਤਾਂ 1767 ਵਿੱਚ ਅਮਰ ਸਿੰਘ, ਪਟਿਆਲਾ ਪਤਿ ਨੇ ਅਹਿਮਦ ਸ਼ਾਹ ਅਬਦਾਲੀ ਦੀ ਅਧਿਰਾਜਗੀ ਕਬੂਲ ਕਰ ਕੇ ਉਸ ਦੇ ਕੋਲੋਂ ਰਾਜੇ ਦੀ ਪਦਵੀ ਹਾਸਲ ਕੀਤੀ ਸੀ, ਜਿਸ ਦੇ ਪ੍ਰਤਿਕਰਮ ਵਜੋਂ ਮਿਸਲਾਂ ਨੇ ਰਲ ਕੇ ਪਟਿਆਲਾ `ਤੇ ਚੜ੍ਹਾਈ ਵੀ ਕੀਤੀ ਸੀ। ਦੂਸਰੀ ਵਾਰ 1804 ਵਿੱਚ ਨਿਮਨ-ਸਤਲੁਜ ਸਿੱਖ ਰਿਆਸਤਾਂ ਨੇ ਅੰਗਰੇਜ਼ ਦੀ ਅਧਿਰਾਜਗੀ ਮੰਨ ਲਈ ਸੀ। ਇਹ ਹੈ ਮਾਲਵੇ ਮਾਝੇ ਦੇ ਭਿੰਨ ਭਾਵ ਦਾ ਆਧਾਰ। ਰਤਨ ਸਿੰਘ ਭੰਗੂ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਬੰਦਾ ਬਹਾਦਰ ਨੂੰ ਮਝੈਲ ਆਪਣੇ ਨਾਲ ਲੈਣ ਨੂੰ ਕਿਹਾ ਸੀ, ਉਨ ਮੈ ਹੈ ਸਭ ਹਮਰੀ ਸ਼ਕਤਿ। ਦਸਵੇਂ ਪਾਤਸ਼ਾਹ ਨੇ ਸੀਸ ਮੰਗੇ ਤਾਂ ਸਤਿਗੁਰ ਮਾਂਗੈ ਸੀਸ, ਜਿਸ, ਨਿਤਰੇ ਆਇ ਮਝੈਲ। ਮਾਝੇ ਦੀ ਸਿੱਖੀ ਹਰਿਮੰਦਿਰ ਸਾਹਿਬ ਕਾਰਨ ਪੱਕੀ ਹੈ, ਜਬ ਤੇ ਮਾਝੇ ਦੇਸ ਮੈ ਗੁਰ ਲਵਾਯੋ ਤਾਲ। ਘੱਲੂਘਾਰੇ ਦੇ ਵਰਣਨ ਵਿੱਚ ‘ਖ਼ਾਲਸਾ’ ਅਤੇ ‘ਮਲਵਈ’ ਵਿਰੋਧੀ ਸ਼ਬਦਾਂ ਵਾਂਗੂ ਵਰਤੇ ਗਏ ਹਨ, ਮਲਵਈਅਨ ਖਾਲਸੈ ਕਹਯੋ, ਆਗੇ ਪਾਨੀ ਦੂਰ/ਇਹਾਂ ਪਾਸੋ ਜੋ ਤੁਰੈ, ਆਗੈ ਮਰੂ ਜਰੂਰ.

     ਰਤਨ ਸਿੰਘ ਭੰਗੂ ਮਾਲਵੇ ਨੂੰ ਮਾਝੇ ਬਰਾਬਰ ਨਹੀਂ ਸਮਝਦਾ, ਪੰਜ ਮਿਸਲ ਥੇ ਭਏ ਮਝੈਲ। ਛਟਵੇਂ ਲਗ ਗਏ ਮਲਵਈ ਗੈਲ। ਉਨਕੋ ਕੀਨੋ ਰਯਤ ਠਹਿਰਾਇ। ਦਸਵੇਂ ਪਾਤਿਸ਼ਾਹ ਆਪ ਮਝੈਲਾਂ ਨੂੰ ਮਲਵਈਆਂ `ਤੇ ਤਰਜੀਹ ਦਿੰਦੇ ਸੀ, ਸੁਨ ਸਤਿਗੁਰ ਤਿਸ ਐਸ ਫਰਮਾਯੋ।... ਫੇਰ ਮਝੈਲਨ ਮਤ ਕਹਯੋ ਮਾੜੇ। ਅਹੈਂ ਮਝੈਲ ਤੁਮ ਘਰ ਕੇ ਲਾੜੇ। ਮਲਵਈ ਗੁਰੂ ਸਾਹਿਬ ਤੋਂ ‘ਕਮਾਦ, ਕਣਕ, ਚਾਵਲ’ ਥਾਉਂ ਮੋਠ ਬਾਜਰੀ ਦਾ ਵਰ ਮੰਗਦੇ ਹਨ।

          ਪੰਥ ਮਾਝੇ ਵਿੱਚ ਹੈ, ‘ਹੁਤੋ ਪੰਥ ਥੋ ਮਾਝੇ ਮਾਂਹਿ।’

     ਅੰਤ ਖ਼ਾਲਸਾ ਰਈਅਤ ਨਹੀਂ ਹੋ ਸਕਦਾ। ਮਾਲਵੇ ਨੇ ਅੰਗਰੇਜ਼ ਦੀ ਅਧਿਰਾਜੀ ਕਬੂਲ ਕਰ ਕੇ ਆਪਣੇ ਨੂੰ ਸਿੱਖੀ ਤੋਂ ਖ਼ਾਰਜ ਕਰ ਲਿਆ ਹੈ। ਭੰਗੂ ਸਿੱਖ ਸੰਘਰਸ਼ ਵਿੱਚ ਜੰਗ ਦੀ ਗੁਰੀਲਾ (Guerrilla) ਵਿਧੀ ਨੂੰ ਭਲੀ-ਭਾਂਤ ਸਮਝਦਾ ਹੈ, ਭਾਵ ਇਸ ਦਾ ਤਕਨੀਕੀ ਵੇਰਵਾ ਨਹੀਂ ਹੈ। ਉਹ ਗੁਰੀਲੇ ਨੂੰ ‘ਸਿਆਣਾ’ ਅਤੇ ਜਮ ਕੇ ਲੜਨ ਵਾਲਿਆਂ ਨੂੰ ‘ਸੂਰਮੇ’ ਕਹਿੰਦਾ ਹੈ।


ਲੇਖਕ : ਸੁਰਜੀਤ ਹਾਂਸ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੰਥ ਪ੍ਰਕਾਸ਼ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੰਥ ਪ੍ਰਕਾਸ਼ (ਕਾਵਿ): ਪ੍ਰਸਿੱਧ ਨਿਰਮਲਾ ਵਿਦਵਾਨ ਗਿਆਨੀ ਗਿਆਨ ਸਿੰਘ ਦੁਆਰਾ ਰਚੇ ਇਸ ਗ੍ਰੰਥ ਦਾ ਮੂਲ ਨਾਂ ‘ਸ੍ਰੀ ਗੁਰੂ ਪੰਥ ਪ੍ਰਕਾਸ਼ ’ ਹੈ, ਪਰ ਆਮ ਪ੍ਰਚਲਿਤ ਨਾਂ ‘ਪੰਥ ਪ੍ਰਕਾਸ਼’ ਹੀ ਹੈ। ਇਸ ਗ੍ਰੰਥ ਦੀ ਰਚਨਾ-ਪ੍ਰੇਰਣਾ ਗਿਆਨੀ ਜੀ ਨੂੰ ਆਪਣੇ ਸੰਪ੍ਰਦਾਈ ਗੁਰੂ ਪੰਡਿਤ ਤਾਰਾ ਸਿੰਘ ਨਰੋਤਮ ਤੋਂ ਪ੍ਰਾਪਤ ਹੋਈ ਸੀ। ਸਭ ਤੋਂ ਪਹਿਲਾਂ ਸੰਨ 1880 ਈ. ਵਿਚ ਇਸ ਦਾ ਪ੍ਰਕਾਸ਼ਨ ਦਿੱਲੀ ਤੋਂ ਹੋਇਆ। ਉਦੋਂ ਇਸ ਵਿਚ ਕੁਲ 65 ਬਿਸਰਾਮ (ਅਧਿਆਇ) ਸਨ ਅਤੇ ਇਸ ਦੇ ਬ੍ਰਿੱਤਾਂਤ ਦਾ ਵਿਸਤਾਰ ਗੁਰੂ ਸਾਹਿਬਾਨਾਂ ਤੋਂ ਸਿੱਖ ਮਿਸਲਾਂ ਤਕ ਸੀ। ਪਰ ਇਸ ਦਾ ਸੋਧਿਆ ਅਤੇ ਵਿਸਤਾਰਿਆ ਹੋਇਆ ਸੰਸਕਰਣ ਸੰਨ 1889 ਈ. ਵਿਚ ਮਤਬਾ ਆਫ਼ਤਾਬ (ਪ੍ਰੈਸ) ਤੋਂ ਲਾਹੌਰ ਵਿਚ ਛਪਿਆ। ਇਸ ਦਾ ਚੌਥਾ ਲਿਥੋ ਸੰਸਕਰਣ ਸੰਨ 1898 ਈ. ਵਿਚ ਭਾਈ ਕਾਕਾ ਸਿੰਘ ਸਾਧੂ ਅੰਮ੍ਰਿਤਸਰ ਵਾਲੇ ਨੇ ਛਾਪਿਆ। ਇਸ ਵਿਚ 115 ਅਧਿਆਇ ਸਨ। ਹੁਣ ਇਸੇ ਸੰਸਕਰਣ ਨੂੰ ਹੀ ਬਾਰ ਬਾਰ ਛਾਪਿਆ ਜਾ ਰਿਹਾ ਹੈ। ਇਕ ਸੰਸਕਰਣ ਸਾਬਕਾ ਜੱਥੇਦਾਰ ਅਕਾਲ ਤਖ਼ਤ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ ਬੜੀ ਮਿਹਨਤ ਨਾਲ ਸੰਪਾਦਿਤ ਕਰਕੇ ਵੀ ਛਾਪਆ ਹੈ।

ਇਸ ਗ੍ਰੰਥ ਵਿਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਦੇ ਦੇਹਾਂਤ ਤਕ ਦੇ ਸਿੱਖ ਇਤਿਹਾਸ ਉਤੇ ਝਾਤ ਪਾਈ ਗਈ ਹੈ। ਇਸ ਦੇ ਆਖੀਰਲੇ ਤਿੰਨ ਅਧਿਆਵਾਂ ਵਿਚ ਕਵੀ ਨੇ ਸਿੱਖ ਸੰਪ੍ਰਦਾਵਾਂ ਅਤੇ ਉਪ- ਸੰਪ੍ਰਦਾਵਾਂ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਸਮਕਾਲੀ ਸਮਾਜਿਕ ਅਤੇ ਧਾਰਮਿਕ ਸਥਿਤੀ ਬਾਰੇ ਆਪਣੇ ਪ੍ਰਭਾਵ ਸਾਂਝੇ ਕੀਤੇ ਹਨ। ਇਸੇ ਗ੍ਰੰਥ ਦਾ ਵਿਸਤਾਰ ‘ਤਵਾਰੀਖ਼ ਗੁਰੂ ਖ਼ਾਲਸਾ ’ ਵਿਚ ਹੋਇਆ ਮਿਲਦਾ ਹੈ। ਕਵੀ ਦਾ ਇਤਿਹਾਸ ਲਿਖਣ ਦਾ ਢੰਗ ਪਰੰਪਰਾਵਾਦੀ ਹੈ ਅਤੇ ਪਹੁੰਚ ਭਾਵੁਕ ਹੈ। ਕਈ ਤੱਥ ਵੀ ਵਿਗਿਆਨਿਕ ਦ੍ਰਿਸ਼ਟੀ ਤੋਂ ਸ਼ੰਕਿਤ ਹਨ। ਪਰ ਸਿੱਖ ਗੁਰੂ-ਧਾਮਾਂ ਅਤੇ ਗੁਰਦੁਆਰਿਆਂ ਵਿਚ ਇਸ ਦਾ ਪਾਠ ਬੜੇ ਆਦਰ ਅਤੇ ਸ਼ਰਧਾ ਨਾਲ ਕੀਤਾ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨੇ ‘ਮਹਾਨ ਕੋਸ਼ ’ ਵਿਚ ਲਿਖਿਆ ਹੈ ਕਿ ‘‘ਸਰਦਾਰ ਰਤਨ ਸਿੰਘ ਜੀ ਦੇ ਪੰਥ ਪ੍ਰਕਾਸ਼ ਦੀ ਕਵਿਤਾ ਛੰਦ ਸ਼ਾਸਤ੍ਰ ਦੇ ਨਿਯਮਾਂ ਅਨੁਸਾਰ ਨਾ ਦੇਖ ਕੇ, ਲੌਂਗੋਵਾਲ ਨਿਵਾਸੀ ਗੑਯਾਨੀ ਗੑਯਾਨ ਸਿੰਘ ਜੀ ਨੇ ਉਸ ਵਿਚ ਬਹੁਤ ਪ੍ਰਸੰਗ ਹੋਰ ਮਿਲਾ ਕੇ ਸੰਮਤ 1924 ਵਿਚ ਨਵਾਂ ਪੰਥ ਪ੍ਰਕਾਸ਼ ਰਚਿਆ, ਜਿਸ ਦੀ ਪਹਿਲੀ ਐਡੀਸ਼ਨ 1937 ਵਿਚ ਛਪੀ ਹੈ। ਕਵੀ ਨਿਹਾਲ ਸਿੰਘ ਜੀ ਲਾਹੌਰ ਨਿਵਾਸੀ ਦੀ ਬਹੁਤ ਕਵਿਤਾ ਨਾਉਂ ਬਦਲ ਕੇ ਇਸ ਗ੍ਰੰਥ ਵਿਚ ਲਿਖੀ ਗਈ ਹੈ।’’


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.